Census 2021 - 10 August

ਆਸਟ੍ਰੇਲੀਆ  ਜਨਗਣਨਾ 2021 ਦੀਆਂ ਹਿਦਾਇਤਾਂ ਪੂਰੇ ਆਸਟ੍ਰੇਲੀਆ ਵਿੱਚ ਲੈਟਰਬਾਕਸਾਂ ਵਿੱਚ ਪਹੁੰਚ ਰਹੀਆਂ ਹਨ

ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ (ABS) ਨੇ ਮੰਗਲਵਾਰ 10 ਅਗਸਤ ਨੂੰ ਹੋਣ ਵਾਲੀ ਜਨਗਣਨਾ ਤੋਂ ਪਹਿਲਾਂ, 10 ਮਿਲੀਅਨ ਤੋਂ ਵੱਧ ਆਸਟ੍ਰੇਲੀਆ ਦੇ ਪਰਿਵਾਰਾਂ ਨੂੰ ਇਸ ਬਾਰੇ ਹਦਾਇਤਾਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਹਨ, ਕਿ ਜਨਗਣਨਾ ਕਿਵੇਂ ਪੂਰੀ ਕਰਨੀ ਹੈ। ਆਸਟ੍ਰੇਲੀਆ ਦੇ ਸਾਰੇ ਪਰਿਵਾਰਾਂ ਵਿੱਚੋਂ ਲਗਭਗ 85% ਨੂੰ ਇਕ ਚਿੱਠੀ ਮਿਲੇਗੀ, ਜੋ ਦੱਸਦੀ ਹੈ ਕਿ ਜਨਗਣਨਾ ਨੂੰ ਔਨਲਾਈਨ ਕਿਵੇਂ ਪੂਰਾ ਕਰਨਾ ਹੈ, ਜਾਂ ਕਾਗਜ਼ੀ ਫਾਰਮ ਦਾ ਆਰਡਰ ਕਿਵੇਂ ਦੇਣਾ ਹੈ।

ਕੁਝ ਪਰਿਵਾਰਾਂ ਨੂੰ ਇਸਦੀ ਬਜਾਏ ਕਾਗਜ਼ੀ ਫਾਰਮ ਅਤੇ ਜਵਾਬੀ ਫਾਰਮ ਭੇਜਣ ਲਈ – ਪਹਿਲਾਂ ਤੋਂ ਭੁਗਤਾਨ ਕੀਤਾ ਲਿਫਾਫਾ ਮਿਲ ਸਕਦਾ ਹੈ। ਇਸ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਹੋਟਲਾਂ, ਕੈਂਪਿੰਗ ਗਰਾਊਂਡਾਂ ਜਾਂ ਵਿਦਿਆਰਥੀਆਂ ਦੀ ਰਿਹਾਇਸ਼ ਵਰਗੇ ਸਥਾਨਾਂ ਵਿੱਚ ਰਹਿਣ ਵਾਲੇ ਸੈਲਾਨੀ ਸ਼ਾਮਲ ਹਨ। ਕਾਗਜ਼ ਦੇ ਫਾਰਮ ਉਪਰ ਹਿਦਾਇਤਾਂ ਹਨ, ਜੇ ਉਹ ਇਸ ਨੂੰ ਔਨਲਾਈਨ ਪੂਰਾ ਕਰਨਾ ਪਸੰਦ ਕਰਦੇ ਹਨ।

ਜਨਗਣਨਾ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਰਾਸ਼ਟਰੀ ਬੁਲਾਰੇ ਐਂਡਰਿਊ ਹੈਂਡਰਸਨ ਨੇ ਕਿਹਾ, “ਕਿਰਪਾ ਕਰਕੇ ਆਪਣੇ ਚਿੱਠੀਆਂ ਵਾਲੇ ਡੱਬੇ (ਲੈਟਰਬਾਕਸ) ਦੀ ਜਾਂਚ ਕਰੋ। ਅਸੀਂ ਲੋਕਾਂ ਨੂੰ ਆਪਣੀਆਂ ਹਦਾਇਤਾਂ ਪ੍ਰਾਪਤ ਕਰਦੇ ਸਾਰ ਹੀ ਆਪਣੀ ਜਨਗਣਨਾ ਪੂਰੀ ਕਰਨ ਲਈ ਉਤਸ਼ਾਹਿਤ ਕਰ ਰਹੇ ਹਾਂ, ਜੇ ਉਹ ਜਾਣਦੇ ਹਨ ਕਿ ਉਹ ਮੰਗਲਵਾਰ 10 ਅਗਸਤ ਨੂੰ ਕਿੱਥੇ ਹੋਣਗੇ।

“ਇਸ ਦਾ ਮਤਲਬ ਇਹ ਹੈ ਕਿ ਤੁਹਾਨੂੰ ਉਸ ਇਕ ਰਾਤ ਲਈ ਇੰਤਜ਼ਾਰ ਕਰਨ ਅਤੇ ਪੂਰਾ ਕਰਨ ਦੀ ਲੋੜ ਨਹੀਂ ਹੈ। ਅਸੀਂ ਜਾਣਦੇ ਹਾਂ ਕਿ ਇਹ ਲਚਕਤਾ ਲੋਕਾਂ ਲਈ ਫਾਰਮ ਪੂਰਾ ਕਰਨਾ ਵਧੇਰੇ ਸੁਵਿਧਾਜਨਕ ਬਣਾ ਦੇਵੇਗੀ।

“ਲੋਕ ਜਨਗਣਨਾ ਨੂੰ ਔਨਲਾਈਨ, ਆਪਣੀ ਮੋਬਾਈਲ ਡਿਵਾਈਸ ਉੱਤੇ ਜਾਂ ਕਾਗਜ਼ਾਂ ਰਾਹੀਂ ਪੂਰਾ ਕਰਨ ਦੇ ਯੋਗ ਹੋਣਗੇ। ਅਸੀਂ ਹਰ ਕਿਸੇ ਲਈ ਕਈ ਤਰ੍ਹਾ ਦੇ ਸਹਿਯੋਗ ਅਤੇ ਸਹਾਇਤਾ ਉਪਲਬਧ ਕਰਵਾ ਕੇ ਜਨਗਣਨਾ ਵਿੱਚ ਹਿੱਸਾ ਲੈਣਾ ਵੀ ਵੱਧ ਤੋਂ ਵੱਧ ਸੌਖਾ ਬਣਾ ਰਹੇ ਹਾਂ।”

ਸ਼੍ਰੀਮਾਨ ਹੈਂਡਰਸਨ ਨੇ ਜਨਗਣਨਾ ਵਿੱਚ ਗਿਣੇ ਜਾਣ ਵਾਲੇ ਬਹੁ-ਸਭਿਆਚਾਰਕ ਭਾਈਚਾਰਿਆਂ ਦੀ ਸਹਾਇਤਾ ਕਰਨ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ।

“ਜਨਗਣਨਾ ਦੀ ਜਾਣਕਾਰੀ, ਜਿਵੇਂ ਕਿ ਜਨਮ ਦਾ ਦੇਸ਼ ਅਤੇ ਘਰ ਵਿੱਚ ਬੋਲੀਆਂ ਜਾਂਦੀਆਂ ਭਾਸ਼ਾਵਾਂ, ਆਸਟ੍ਰੇਲੀਆ ਭਰ ਵਿੱਚ ਪ੍ਰਵਾਸੀ ਅਤੇ ਸ਼ਰਨਾਰਥੀ ਭਾਈਚਾਰਿਆਂ ਲਈ ਮਹੱਤਵਪੂਰਣ ਸਹਾਇਤਾ ਅਤੇ ਸੇਵਾਵਾਂ ਨੂੰ ਸੂਚਨਾ ਦੇਣ ਵਿੱਚ ਮਦਦ ਕਰਦੀਆਂ ਹਨ।

“ਜਿੱਥੇ COVID-19 ਪਾਬੰਦੀਆਂ ਆਗਿਆ ਦਿੰਦੀਆਂ ਹਨ, ਉੱਥੇ ਆਹਮੋ-ਸਾਹਮਣੇ ਵਾਲੀ ਸਹਾਇਤਾ ਉਪਲਬਧ ਹੋਵੇਗੀ, ਜਿਸ ਵਿੱਚ ਆਰਜ਼ੀ ਦਫ਼ਤਰ (ਪੌਪ-ਅੱਪ-ਹੱਬਾਂ), ਅਤੇ ਫਾਰਮ-ਭਰਨ ਵਾਲੇ ਸੈਸ਼ਨ ਸ਼ਾਮਲ ਹਨ।

“ਜੇ ਤੁਸੀਂ ਇਸ ਸਮੇਂ ਤਾਲਾਬੰਦੀ ਵਿੱਚ ਹੋ, ਤਾਂ ਭਾਸ਼ਾ ਵਿੱਚ ਮਦਦ ਉਪਲਬਧ ਹੈ। ਅਨੁਵਾਦ ਕੀਤੀ ਜਾਣਕਾਰੀ ਸਾਡੀ ਵੈੱਬਸਾਈਟ ਉਪਰ ਹੈ, ਜਾਂ ਤੁਸੀਂ ਅਨੁਵਾਦ ਅਤੇ ਦੁਭਾਸ਼ੀਆ ਸੇਵਾ (TIS National) ਨੂੰ 131 450 ਉੱਤੇ ਫੋਨ ਕਰ ਸਕਦੇ ਹੋ।

ਓਮੇਰ ਇੰਸਕਾਰਾ, ਮਲਟੀਕਲਚਰਲ NSW ਦੇ ਸਲਾਹਕਾਰ ਬੋਰਡ ਮੈਂਬਰ ਅਤੇ 2021 ਜਨਗਣਨਾ ਸਮਰਥਕ ਨੇ ਬਹੁ-ਸਭਿਆਚਾਰਕ ਆਸਟ੍ਰੇਲੀਆ ਨੂੰ ਹਿੱਸਾ ਲੈਣ ਦੀ ਅਪੀਲ ਕੀਤੀ ਹੈ। 

“ਜਨਗਣਨਾ ਦੇ ਅੰਕੜਿਆਂ ਦੀ ਵਰਤੋਂ ਭਾਈਚਾਰਕ ਸੰਸਥਾਵਾਂ, ਸਰਕਾਰੀ ਅਤੇ ਕਾਰੋਬਾਰਾਂ ਦੁਆਰਾ ਉਹਨਾਂ ਸੇਵਾਵਾਂ ਅਤੇ ਪਹਿਲਕਦਮੀਆਂ ਬਾਰੇ ਮਹੱਤਵਪੂਰਣ ਫੈਸਲੇ ਲੈਣ ਵਾਸਤੇ ਸੂਚਨਾ ਦੇਣ ਲਈ ਕੀਤੀ ਜਾਂਦੀ ਹੈ, ਜੋ ਸਾਡੇ ਭਾਈਚਾਰਿਆਂ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰਦੀਆਂ ਹਨ ਅਤੇ ਉਹਨਾਂ ਦੀ ਸਹਾਇਤਾ ਕਰ ਸਕਦੀਆਂ ਹਨ।

“ਆਸਟ੍ਰੇਲੀਆ ਦਾ ਹਰੇਕ ਵਿਅਕਤੀ ਸਿਰਫ ਗਿਣੇ ਜਾਣ ਨਾਲ ਆਪਣੇ ਭਾਈਚਾਰਿਆਂ ਵਿੱਚ ਫਰਕ ਲਿਆ ਸਕਦਾ ਹੈ। ਭਾਸ਼ਾ ਅਤੇ ਜਨਮ ਦੇ ਦੇਸ਼ ਵਾਲੇ ਅੰਕੜੇ ਅਹਿਮ ਹਨ, ਕਿਉਂਕਿ ਇਹ ਸਾਡੀ ਵਧਦੀ ਅਤੇ ਬਦਲਦੀ ਬਹੁ-ਸੱਭਿਆਚਾਰਕ ਆਬਾਦੀ ਦੀ ਝਲਕ ਪ੍ਰਦਾਨ ਕਰਨ ਵਿੱਚ ਮਦਦ ਕਰਦੇ ਹਨ।”

ਆਪਣੀ ਭਾਸ਼ਾ ਵਿੱਚ ਵਧੇਰੇ ਜਾਣਕਾਰੀ ਵਾਸਤੇ, www.census.abs.gov.au/language ਉੱਤੇ ਜਾਓ।

Similar Posts by The Author: